"ਬਾਪ ਦੀ ਯਾਦ" ਤੂੰ ਤਾ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ, ਅਰਸ਼ਾਂ ਦਾ ਮਨਭਾਉਂਦਾ ਸਿਤਾਰਾ ਬਣ ਬਹਿ ਗਿਓਂ। ਮੇਰੀ ਉਮਰ ਨਿਆਣ ਸੀ, ਨਾ ਵਲ ਸੀ ਨਾ ਛਲ ਸੀ, ਨਾ ਮੇਰੀਆਂ ਗੁੱਡੀ ਖੇਡਾਂ ਨੇ ਮਚਾਈ ਤੜਥਲ ਸੀ, ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ, ਸਿਰਫ ਅਰਸ਼ਾਂ ਦਾ ਈ ਚਮਕਦਾ ਸਿਤਾਰਾ ਬਣ ਬਹਿ ਗਿਓਂ। ਪਤਾ ਸੀ ਤੈਨੂੰ ਇਸ ਜਹਾਨ'ਚ ਦਰਿੰਦੇ ਨੇ, ਕਰ ਤਰਜਨੀ ਦਾ ਇਸ਼ਾਰਾ, ਬਸ ਥਾਨੋਂ ਮਾਰ ਦਿੰਦੇ ਨੇ। ਅੈਸੇ ਵਿੱਚ ਤੂੰ ਗਗਨ ਦਾ ਸ਼ਿੰਗਾਰ ਬਣ ਬਹਿ ਗਿਓਂ, ਕਿਉਂ ਬਾਪੂ ਤੂੰ ਵੇਲੇ ਨਾਲ ਤਾਰਾ ਬਣ ਬਹਿ ਗਿਓਂ। ਉਦੋਂ ਚੁੱਕਦਾ ਹੁੰਦਾ ਸੀ ਭਾਰ, ਨਾ ਮੋਢੇ ਮੇਰੇ ਥੱਕ ਜਾਣ, ਸੰਘਰਸ਼ੀ ਕਹਾਣੀਆਂ ਸੀ ਸਣਾਉਂਦਾ, ਨਾ ਬੱਚੇ ਕਿਤੇ ਅੱਕ ਜਾਣ। ਜ਼ਿੰਦਗੀ ਵਾਲਾ ਬਸਤਾ ਅਸਾਂ ਦੇ, ਹੁਣ ਮੋਢੇ ਧਰ ਬਹਿ ਗਿਓਂ, ਕਿਉਂ ਬਾਪੂ ਤੂੰ ਵੇਲੇ ਨਾਲ ਤਾਰਾ ਬਣ ਬਹਿ ਗਿਓਂ। ਰੋਜ਼ ਮੈਂ ਅਰਸ਼ੀਂ ਦੇਖਾਂ, ਦਿਖੇ ਨਾ ਤੂੰ ਭਾਲੇਂ ਨਾ, ਪੀੜ ਮੇਰੀ ਵੇਖ ਤੈਥੋਂ ਗਏ ਹਉਕੇ ਵੀ ਸੰਭਾਲੇ ਨਾ, ਏਸੇ ਕਰਕੇ ਲੱਗਦਾ ਤੂੰ ਉਥੇ ਵੀ ਟੁੱਟ ਬਹਿ ਗਿਓਂ, ਤੂੰ ਤਾਂ ਸੱਚੀ ਬਾਪੂ ਤਾਰਾ ਵੀ ਨਾ ਰਹਿ ਗਿਓਂ। ਬਾਪ ਦੀ ਯਾਦ